ਪਸ਼ੂਆਂ ਵਿੱਚ ਸਰਦੀਆਂ ਦੀ ਇੱਕ ਗੰਭੀਰ ਸਮੱਸਿਆ: ਨਾਇਟ੍ਰੇਟ ਜ਼ਹਿਰਵਾਦ

ਡਾ. ਸਾਹਿਲ ਕੁਮਾਰ, ਡਾ. ਗੁਰਲਾਲ ਸਿੰਘ ਗਿੱਲ
ਨਾਇਟ੍ਰੇਟ ਜ਼ਹਿਰਵਾਦ ਪਸ਼ੂਆਂ ਵਿੱਚ ਇੱਕ ਜਾਨਲੇਵਾ ਰੋਗ ਹੈ ਜੋ ਕਿ ਸਰਦੀਆਂ ਵਿੱਚ ਪਸ਼ੂਆਂ ਦੀ ਮੌਤ ਦਾ ਇੱਕ ਵੱਡਾ ਕਾਰਨ ਬਣਦਾ ਹੈ । ਮੁੱਖ ਤੌਰ ਤੇ ਇਹ ਰੋਗ ਪਸ਼ੂਆਂ ਦੇ ਹਰੇ ਚਾਰੇ ਜਿਵੇਂ ਕਿ ਜਵੀ, ਰਾਈ, ਬਾਜਰਾ, ਮੱਕੀ ਆਦਿ ਦੇ ਵਿੱਚ ਨਾਈਟ੍ਰੋਜਨ ਦੀ ਮਾਤਰਾ ਵਧੇਰੇ ਹੋਣ ਕਰਕੇ ਹੁੰਦਾ ਹੈ ।
ਪਸ਼ੂਆਂ ਦੇ ਹਰੇ ਚਾਰੇ ਵਿੱਚ ਨਾਈਟ੍ਰੋਜਨ ਦੀ ਮਾਤਰਾ ਵਧੇਰੇ ਹੋਣ ਦਾ ਮੁੱਖ ਕਾਰਨ ਖੇਤਾਂ ਵਿੱਚ ਫ਼ਸਲ ਦੀ ਪੈਦਾਵਾਰ ਲਈ ਵੱਖ-ਵੱਖ ਰਸਾਇਣਿਕ ਖਾਦਾਂ ਜਿਵੇਂ ਕਿ ਐੱਨ.ਪੀ.ਕੇ, ਯੂਰੀਆ, ਅਮੋਨੀਅਮ ਨਾਈਟ੍ਰੇਟ ਆਦਿ ਦੀ ਦੁਰਵਰਤੋਂ ਹੈ । ਇੱਹਨਾਂ ਖਾਦਾਂ ਦੀ ਦੁਰਵਰਤੋਂ ਕਾਰਨ ਖੇਤਾਂ ਦੀ ਮਿੱਟੀ ਵਿੱਚ ਨਾਈਟ੍ਰੋਜਨ ਉੱਚ ਪੱਧਰੀ ਹੋ ਜਾਂਦੀ ਹੈ ਅਤੇ ਜਦੋਂ ਫਸਲ ਬੀਜੀ ਜਾਂਦੀ ਹੈ ਤਾਂ ਇਹ ਹਾਨੀਕਾਰਕ ਨਾਈਟ੍ਰੋਜਨ ਨਾਇਟ੍ਰੇਟ ਦੇ ਰੂਪ ਵਿੱਚ ਬਦਲ ਜਾਂਦੀ ਹੈ ਜੋ ਕਿ ਪਸ਼ੂਆਂ ਵਿੱਚ ਭਿਆਨਕ ਜ਼ਹਿਰਵਾਦ ਦਾ ਕਾਰਨ ਬਣਦੀ ਹੈ । ਨਾਇਟ੍ਰੇਟ ਦੀ ਵਧੇਰੀ ਮਾਤਰਾ ਛੋਟੇ ਅਤੇ ਕੱਚੇ ਹਰੇ ਚਾਰੇ ਵਿੱਚ ਪਾਈ ਜਾਂਦੀ ਹੈ । ਸਾਲ ਦੇ ਉਸ ਪਹਿਰ ਵਿੱਚ ਜਦੋਂ ਹਵਾ ਵਿੱਚ ਨਮੀ, ਗਰਮੀ ਅਤੇ ਸਰਦੀ ਵਧੇਰੇ ਹੁੰਦੀ ਹੈ ਉਸ ਸਮੇਂ ਹਰੇ ਚਾਰੇ ਵਿੱਚ ਨਾਇਟ੍ਰੇਟ ਦੀ ਮਾਤਰਾ ਹੋਰ ਵੀ ਵੱਧ ਹੋ ਜਾਂਦੀ ਹੈ ਜੋ ਕਿ ਪਸ਼ੂਆਂ ਲਈ ਜਾਨਲੇਵਾ ਹੁੰਦੀ ਹੈ ।
ਪਸ਼ੂਆਂ ਵਿੱਚ ਨਾਇਟ੍ਰੇਟ ਦਾ ਨੁਕਸਾਨ ਕਰਨ ਦਾ ਤਰੀਕਾ
ਪਸ਼ੂਆਂ ਵਿੱਚ ਨਾਇਟ੍ਰੇਟ ਭਰਪੂਰ ਹਰਾ ਚਾਰਾ ਖਾਣ ਉਪਰੰਤ ਇੱਹ ਨਾਇਟ੍ਰੇਟ, ਨਾਇਟ੍ਰਾਈਟ ਵਿੱਚ ਬਦਲ ਜਾਂਦਾ ਹੈ ਅਤੇ ਇਹ ਨਾਇਟ੍ਰਾਈਟ ਜੋ ਕਿ ਜ਼ਿਆਦਾ ਖ਼ਤਰਨਾਕ ਹੈ, ਹੈਮੋਗਲੇਬਿਨ ਨੂੰ ਮੈਟ-ਹੈਮੋਗਲੇਬਿਨ ਵਿੱਚ ਬਦਲ ਦਿੰਦਾ ਹੈ । ਇੱਹ ਮੈਟ-ਹੈਮੋਗਲੇਬਿਨ ਆਕਸੀਜਨ ਨੂੰ ਵੱਖ-ਵੱਖ ਕੋਸ਼ਿਕਾਵਾਂ ਤੱਕ ਨਹੀਂ ਪਹੁੰਚਾਉਦਾ ਜਿਸ ਕਰਕੇ ਹਾਇਪੋਕਸੀਆ (ਆਕਸੀਜਨ ਦੀ ਕਮੀ) ਕਾਰਨ ਪਸ਼ੂ ਦੀ ਮੌਤ ਹੋ ਜਾਂਦੀ ਹੈ । ਇਸ ਤੋਂ ਇਲਾਵਾ ਨਾਇਟ੍ਰੇਟ ਜ਼ਹਿਰਵਾਦ ਵਿੱਚ ਰੂਮਨ ਵਿਖੇ ਜ਼ਿਆਦਾ ਮਾਤਰਾ ਵਿੱਚ ਅਮੋਨੀਆ ਗੈਸ ਬਨਣ ਕਰਕੇ ਪਸ਼ੂ ਦੇ ਰੂਮਨ ਦੀ ਪੀ.ਐਚ (pH) ਖਾਰੀ (Alkaline) ਹੋ ਜਾਂਦੀ ਹੈ ਅਤੇ ਪਸ਼ੂ ਨੂੰ ਅਫ਼ਰੇਵਾਂ ਹੋ ਜਾਂਦਾ ਹੈ ।
ਲੱਛਣ
- ਸਾਹ ਲੈਣ ਵਿੱਚ ਦਿੱਕਤ (Dyspnea)
- ਵਾਰ-ਵਾਰ ਪਿਸ਼ਾਬ ਕਰਨਾ
- ਪਸ਼ੂ ਖਾਣ-ਪੀਣ ਛੱਡ ਦਿੰਦਾ ਹੈ
- ਅਫ਼ਰੇਵਾਂ ਪੈਣਾ
- ਗੋਹਾ ਸਖ਼ਤ ਹੋਣਾ
- ਖੂਨ ਦਾ ਗੂੜ੍ਹੇ ਤੋਂ ਚਾਕਲੇਟ ਰੰਗ ਦਾ ਹੋਣਾ
- ਅੱਖਾਂ ਦੀ ਝਿੱਲੀ ਦਾ ਰੰਗ ਨੀਲਾ (Cyanotic) ਹੋ ਜਾਂਦਾ ਹੈ
- ਮਾਸਪੇਸ਼ੀਆਂ ਵਿੱਚ ਕੰਬਣ
- ਪਸ਼ੂ ਬੈਠ ਜਾਂਦਾ ਹੈ ਅਤੇ ਅਖੀਰਲੇ ਪੜਾਅ ਤੇ ਪਸ਼ੂ ਦੀ ਮੌਤ ਹੋ ਜਾਂਦੀ ਹੈ ।
ਬਿਮਾਰੀ ਦੀ ਪਛਾਣ
ਮੁੱਖ ਤੌਰ ਤੇ ਇਸ ਬਿਮਾਰੀ ਦੀ ਪਛਾਣ ਪਸ਼ੂਆਂ ਵਿੱਚ ਆਏ ਲੱਛਣ, ਜ਼ਿਆਦਾ ਨਾਈਟ੍ਰੋਜਨ ਵਾਲੇ ਹਰੇ ਚਾਰੇ ਖਾਣ ਦੀ ਪੁਸ਼ਟੀ, ਸਾਰੇ ਸ਼ੱਕੀ ਹਰੇ ਚਾਰੇ ਅਤੇ ਫੀਡ ਦਾ ਰਸਾਇਣਿਕ ਵਿਸ਼ਲੇਸ਼ਣ ਜੋ ਕਿ ਹਰ ਜ਼ਿਲ੍ਹੇ ਦੇ ਵੈਟਰਨਰੀ ਪੌਲੀਕਲੀਨਿਕ, ਐਨ.ਆਰ.ਡੀ.ਡੀ.ਐਲ ਜਲੰਧਰ, ਅਤੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਟੀ, ਲੁਧਿਆਣਾ ਤੋਂ ਕਰਾਇਆ ਜਾ ਸਕਦਾ ਹੈ ।
ਇਲਾਜ
ਨਾਇਟ੍ਰੇਟ ਜ਼ਹਿਰਵਾਦ ਆਮ ਤੌਰ ਤੇ ਇੱਕ ਬਹੁਤ ਹੀ ਘਾਤਕ ਅਤੇ ਖ਼ਤਰਨਾਕ ਰੋਗ ਹੈ ਜਿਸ ਵਿੱਚ ਪਸ਼ੂਆਂ ਦੀ ਮੌਤ ਦਰ ਕਾਫੀ ਜ਼ਿਆਦਾ ਹੈ । ਨਾਇਟ੍ਰੇਟ ਜ਼ਹਿਰਵਾਦ ਦਾ ਸ਼ੱਕ ਹੋਣ ਤੇ ਦੂਸ਼ਿਤ ਚਾਰੇ ਨੂੰ ਹਟਾ ਦੇਣਾ ਚਾਹੀਦਾ ਹੈ ਅਤੇ ਪ੍ਰਭਾਵਿਤ ਜਾਨਵਰਾਂ ਨੂੰ ਮੈਥੀਲੀਨ ਬਲੂ ਦਾ ਟੀਕਾ ਲਗਾਇਆ ਜਾਣਾ ਚਾਹੀਦਾ ਹੈ ਜੋ ਕਿ ਪਸ਼ੂਆਂ ਲਈ ਲਾਹੇਵੰਦ ਸਿੱਧ ਹੋਵੇਗਾ ।
ਰੋਕਥਾਮ
- ਸ਼ੱਕੀ ਹੋਣ ਤੇ ਹਰੇ ਚਾਰੇ ਅਤੇ ਫੀਡ ਦਾ ਟੈਸਟ ਕਰਾਇਆ ਜਾਵੇ ।
- ਹਰੇ ਚਾਰੇ ਦੇ ਪੋਜਿਟਿਵ ਹੋਣ ਤੇ ਕੋਈ ਹੋਰ ਨਾਇਟ੍ਰੇਟ ਨੈਗੇਟਿਵ ਹਰਾ ਚਾਰਾ ਜਾਂ ਆਚਾਰ ਪਾਇਆ ਜਾਵੇ ।
- ਸ਼ੱਕੀ ਚਾਰੇ ਜਿਵੇਂ ਕਿ ਮੱਕੀ ਨੂੰ ਜ਼ਮੀਨ ਤੋਂ ਲਗਭਗ ਇੱਕ ਫੁੱਟ ਉੱਪਰ ਤੋ ਕੱਟਣਾ ਚਾਹੀਦਾ ਹੈ, ਕਿਉਂਕਿ ਜ਼ਿਆਦਾਤਰ ਨਾਇਟ੍ਰੇਟ ਡੰਡੀ ਦੇ ਹੇਠਲੇ ਹਿੱਸੇ ਵਿੱਚ ਇੱਕਠਾ ਹੁੰਦਾ ਹੈ ।
- ਚਾਰੇ ਨੂੰ ਸਵੇਰੇ ਜਾਂ ਸ਼ਾਮ ਦੇ ਘੰਟਿਆਂ ਦੀ ਬਜਾਏ ਦਿਨ ਦੇ ਪ੍ਰਕਾਸ਼ ਵਿੱਚ ਕੱਟਣਾ ਚਾਹੀਦਾ ਹੈ, ਤਾਂ ਜੋ ਪ੍ਰਕਾਸ਼ ਸੰਸ਼ਲੇਸ਼ਣ ਦੀ ਪ੍ਰਕਿਰਿਆ ਲਈ ਕਾਫ਼ੀ ਰੌਸ਼ਨੀ ਪ੍ਰਦਾਨ ਕੀਤੀ ਜਾ ਸਕੇ ।
- ਪਸ਼ੂਆਂ ਨੂੰ ਰਾਸ਼ਨ ਵਿੱਚ ਲੋੜੀਂਦੀ ਮਾਤਰਾ ਵਿੱਚ ਲੂਣ ਅਤੇ ਮਿਨਰਲ ਮਿਕਸਚਰ ਦੇਣਾ ਚਾਹੀਦਾ ਹੈ

