ਛੋਟੇ ਡੇਅਰੀ ਫਾਰਮਾਂ ਵਿੱਚ ਬਾਇਓਸਿਕਿਉਰਟੀ | Modern Kheti

ਛੋਟੇ ਡੇਅਰੀ ਫਾਰਮਾਂ ਵਿੱਚ ਬਾਇਓਸਿਕਿਉਰਟੀ

ਵੱਧ ਰਹੀਆਂ ਬਿਮਾਰੀਆਂ ਦੇ ਪਿੱਛੇ ਲੁਕੇ ਕਾਰਨ

animal biosecurity
animal biosecurity

ਲੇਖਕ:
ਸਚਿਨ, ਰਮਨਪ੍ਰੀਤ ਸਿੰਘ, ਰਜਤ ਸੂਦ

ਭੂਮਿਕਾ

ਪਿਛਲੇ ਕੁਝ ਸਾਲਾਂ ਵਿੱਚ ਪਸ਼ੂ ਪਾਲਕਾਂ ਦੇ ਤਜ਼ਰਬੇ ਵਿੱਚ ਇੱਕ ਗੱਲ ਸਾਂਝੀ ਹੋ ਗਈ ਹੈ “ਪਸ਼ੂ ਪਹਿਲਾਂ ਨਾਲੋਂ ਜ਼ਿਆਦਾ ਬਿਮਾਰ ਰਹਿੰਦੇ ਹਨ।” ਦੁੱਧ ਦੀ ਘੱਟ ਉਤਪਾਦਨ, ਥਣੈਲਾ ਰੋਗ ਦੇ ਵੱਧਦੇ ਮਾਮਲੇ, ਵੱਛੜਿਆਂ ਦੀ ਵਧੇਰੀ ਮੌਤ ਦਰ, ਵਾਰ-ਵਾਰ ਬੁਖਾਰ ਅਤੇ ਬਾਂਝਪਨ ਵਰਗੀਆਂ ਸਮੱਸਿਆਵਾਂ ਹੁਣ ਛੋਟੇ ਡੈਅਰੀ ਫਾਰਮਾਂ ਵਿੱਚ ਆਮ ਹੋ ਗਈਆਂ ਹਨ। ਬਹੁਤੇ ਪਸ਼ੂ ਪਾਲਕ ਇਸ ਦਾ ਕਾਰਨ ਨਵੀਆਂ ਬਿਮਾਰੀਆਂ ਜਾਂ ਮੌਸਮ ਵਿੱਚ ਬਦਲਾਅ ਨੂੰ ਮੰਨਦੇ ਹਨ, ਪਰ ਅਸਲ ਵਿੱਚ ਜੜ੍ਹ ਇੱਕ ਹੋਰ ਹੀ ਥਾਂ ਤੇ ਹੁੰਦੀ ਹੈ ਬਾਇਓਸਿਕਿਉਰਟੀ ਦੀ ਘਾਟ

ਬਾਇਓਸਿਕਿਉਰਟੀ ਕੀ ਹੈ?

ਸੌਖੀ ਭਾਸ਼ਾ ਵਿੱਚ, ਬਾਇਓਸਿਕਿਉਰਟੀ ਦਾ ਅਰਥ ਹੈ ਫਾਰਮ ਤੇ ਬਿਮਾਰੀਆਂ ਦੇ ਦਾਖਲੇ ਨੂੰ ਰੋਕਣਾ ਅਤੇ ਜੇ ਬਿਮਾਰੀ ਆ ਵੀ ਜਾਵੇ ਤਾਂ ਉਸਦੇ ਫੈਲਾਅ ਨੂੰ ਕਾਬੂ ਵਿੱਚ ਰੱਖਣਾ। ਇਸ ਸੰਕਲਪ ਨੂੰ ਤਿੰਨ ਸਧਾਰਣ ਸਵਾਲਾਂ ਰਾਹੀਂ ਸਮਝਿਆ ਜਾ ਸਕਦਾ ਹੈ—ਬਿਮਾਰੀ ਫਾਰਮ ਤੱਕ ਕਿਵੇਂ ਪਹੁੰਚ ਸਕਦੀ ਹੈ, ਫਾਰਮ ਦੇ ਅੰਦਰ ਕਿਵੇਂ ਫੈਲਦੀ ਹੈ ਅਤੇ ਅਸੀਂ ਇਸਨੂੰ ਕਿਵੇਂ ਰੋਕ ਸਕਦੇ ਹਾਂ।

ਛੋਟੇ ਡੇਅਰੀ ਫਾਰਮ ਸਭ ਤੋਂ ਜ਼ਿਆਦਾ ਖਤਰੇ ਵਿੱਚ ਕਿਉਂ ਹਨ?

ਭਾਰਤ ਅਤੇ ਪੰਜਾਬ ਵਿੱਚ ਜ਼ਿਆਦਾਤਰ ਡੈਅਰੀ ਫਾਰਮ ਛੋਟੇ ਪੱਧਰ ਦੇ ਹਨ, ਜਿੱਥੇ 2 ਤੋਂ 10 ਪਸ਼ੂ ਇਕੱਠੇ ਰੱਖੇ ਜਾਂਦੇ ਹਨ। ਅਜਿਹੇ ਫਾਰਮਾਂ ਵਿੱਚ ਚਾਰਾ ਸਟੋਰ, ਦੁੱਧ ਕੱਢਣ ਦੀ ਥਾਂ ਅਤੇ ਪਰਿਵਾਰਕ ਰਹਿਣ ਦੀ ਜਗ੍ਹਾ ਅਕਸਰ ਇੱਕ ਹੀ ਇਲਾਕੇ ਵਿੱਚ ਹੁੰਦੀ ਹੈ। ਇਸ ਨਾਲ ਬਿਮਾਰੀਆਂ ਦੇ ਫੈਲਣ ਦਾ ਜੋਖਮ ਕਈ ਗੁਣਾ ਵਧ ਜਾਂਦਾ ਹੈ।

ਛੋਟੇ ਫਾਰਮਾਂ ਵਿੱਚ ਆਮ ਤੌਰ ਤੇ ਇਹ ਸਮੱਸਿਆਵਾਂ ਵੇਖੀਆਂ ਜਾਂਦੀਆਂ ਹਨ:

  • ਨਵਾਂ ਪਸ਼ੂ ਖਰੀਦ ਕੇ ਬਿਨਾਂ ਜਾਂਚ ਦੇ ਝੁੰਡ ਵਿੱਚ ਮਿਲਾ ਦੇਣਾ
  • ਬਿਮਾਰ ਪਸ਼ੂ ਨੂੰ ਅਲੱਗ ਰੱਖਣ ਲਈ ਵੱਖਰੀ ਥਾਂ ਨਾ ਹੋਣਾ
  • ਇੱਕੋ ਵਿਅਕਤੀ ਬਿਨਾਂ ਦਸਤਾਨਿਆਂ ਜਾਂ ਸਫਾਈ ਦੇ ਸਾਰੇ ਪਸ਼ੂ ਸੰਭਾਲਣਾ
  • ਫਾਰਮ ਤੇ ਆਉਣ ਵਾਲੇ ਲੋਕਾਂ ਦੀ ਕੋਈ ਰੋਕਟੋਕ ਨਾ ਹੋਣਾ

ਇਹ ਸਾਰੀਆਂ ਗੱਲਾਂ ਮਿਲ ਕੇ ਫਾਰਮ ਨੂੰ ਬਿਮਾਰੀਆਂ ਲਈ ਖੁੱਲ੍ਹਾ ਦਰਵਾਜ਼ਾ ਬਣਾ ਦਿੰਦੀਆਂ ਹਨ।

ਬਿਮਾਰੀਆਂ ਫਾਰਮ ਵਿੱਚ ਦਾਖਲ ਕਿਵੇਂ ਹੁੰਦੀਆਂ ਹਨ?

ਅਕਸਰ ਪਸ਼ੂ ਪਾਲਕ ਕਹਿੰਦੇ ਹਨ ਕਿ “ਬਿਮਾਰੀ ਅਚਾਨਕ ਆ ਗਈ।” ਅਸਲ ਵਿੱਚ ਕੋਈ ਵੀ ਬਿਮਾਰੀ ਅਚਾਨਕ ਨਹੀਂ ਆਉਂਦੀ। ਹਮੇਸ਼ਾ ਕੋਈ ਨਾ ਕੋਈ ਰਸਤਾ ਹੁੰਦਾ ਹੈ ਜਿਸ ਰਾਹੀਂ ਜੀਵਾਣੂ ਫਾਰਮ ਤੱਕ ਪਹੁੰਚਦੇ ਹਨ।

  1. ਨਵੇਂ ਖਰੀਦੇ ਪਸ਼ੂ

ਬਹੁਤ ਸਾਰੀਆਂ ਬਿਮਾਰੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਲੱਛਣ ਤੁਰੰਤ ਨਜ਼ਰ ਨਹੀਂ ਆਉਂਦੇ। ਨਵਾਂ ਪਸ਼ੂ ਦਿਖਣ ਵਿੱਚ ਸਿਹਤਮੰਦ ਲੱਗ ਸਕਦਾ ਹੈ, ਪਰ ਉਹ ਬਿਮਾਰੀ ਦਾ ਵਾਹਕ ਹੋ ਸਕਦਾ ਹੈ।

  1. ਬਾਹਰੋਂ ਆਇਆ ਚਾਰਾ ਅਤੇ ਪਰਾਲੀ

ਗੰਦੇ ਜਾਂ ਨਮੀ ਵਾਲੇ ਚਾਰੇ ਨਾਲ ਜੀਵਾਣੂ ਫਾਰਮ ਵਿੱਚ ਦਾਖਲ ਹੋ ਸਕਦੇ ਹਨ। ਇਹ ਗੱਲ ਅਕਸਰ ਅਣਡਿੱਠੀ ਰਹਿ ਜਾਂਦੀ ਹੈ।

  1. ਵੈਟਨਰੀ ਉਪਕਰਨ ਅਤੇ ਇਲਾਜ

ਟੀਕਾਕਰਨ ਜਾਂ ਇਲਾਜ ਦੌਰਾਨ ਵਰਤੇ ਗਏ ਉਪਕਰਨ ਜੇ ਸਾਫ਼ ਨਾ ਹੋਣ, ਤਾਂ ਉਹ ਬਿਮਾਰੀ ਫੈਲਾ ਸਕਦੇ ਹਨ।

  1. ਜੁੱਤੇ, ਕੱਪੜੇ ਅਤੇ ਵਾਹਨ

ਫਾਰਮ ਤੇ ਆਉਣ ਵਾਲੇ ਲੋਕ ਆਪਣੇ ਨਾਲ ਜੁੱਤਿਆਂ ਅਤੇ ਕੱਪੜਿਆਂ ਰਾਹੀਂ ਰੋਗਾਣੂ ਲਿਆ ਸਕਦੇ ਹਨ।

  1. ਚੂਹੇ, ਆਵਾਰਾ ਕੁੱਤੇ ਅਤੇ ਪੰਛੀ

ਇਹ ਜਾਨਵਰ ਬਿਨਾਂ ਕਿਸੇ ਆਵਾਜ਼ ਦੇ ਬਿਮਾਰੀਆਂ ਨੂੰ ਫਾਰਮ ਤੱਕ ਲਿਆਉਂਦੇ ਹਨ।

ਬਾਇਓਸਿਕਿਉਰਟੀ ਦੀ ਘਾਟ ਨਾਲ ਕਿਹੜੀਆਂ ਸਮੱਸਿਆਵਾਂ ਵੱਧਦੀਆਂ ਹਨ?

ਜਿੱਥੇ ਬਾਇਓਸਿਕਿਉਰਟੀ ਦੀ ਪਾਲਣਾ ਨਹੀਂ ਹੁੰਦੀ, ਉੱਥੇ ਥਣੈਲਾ ਰੋਗ ਦੇ ਵਾਰ-ਵਾਰ ਮਾਮਲੇ, ਵੱਛੜਿਆਂ ਵਿੱਚ ਦਸਤ ਅਤੇ ਸਾਹ ਨਾਲ ਸੰਬੰਧਿਤ ਬਿਮਾਰੀਆਂ, ਬਾਂਝਪਨ ਅਤੇ ਵਾਰ-ਵਾਰ ਗਰਭ ਨਾ ਟਿਕਣ ਦੀ ਸਮੱਸਿਆ, ਦੁੱਧ ਦੀ ਮਾਤਰਾ ਅਤੇ ਗੁਣਵੱਤਾ ਵਿੱਚ ਕਮੀ ਅਤੇ ਦਵਾਈਆਂ ਤੇ ਵੱਧਦਾ ਖਰਚ ਆਮ ਹੋ ਜਾਂਦਾ ਹੈ। ਇਹ ਸਾਰੀਆਂ ਸਮੱਸਿਆਵਾਂ ਨਾ ਸਿਰਫ਼ ਪਸ਼ੂਆਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ, ਸਗੋਂ ਪਸ਼ੂ ਪਾਲਕ ਦੀ ਆਮਦਨ ਅਤੇ ਮਨੋਵਿਗਿਆਨਕ ਸਥਿਤੀ ਦੋਹਾਂ ਨੂੰ ਗੰਭੀਰ ਤੌਰ ਤੇ ਪ੍ਰਭਾਵਿਤ ਕਰਦੀਆਂ ਹਨ।

ਬਾਇਓਸਿਕਿਉਰਟੀ: ਰੋਕਥਾਮ ਸਭ ਤੋਂ ਵੱਡਾ ਇਲਾਜ

ਅਸੀਂ ਵੇਖਿਆ ਕਿ ਬਿਮਾਰੀਆਂ ਫਾਰਮ ਵਿੱਚ ਕਿਵੇਂ ਦਾਖਲ ਹੁੰਦੀਆਂ ਹਨ। ਹੁਣ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਅਸੀਂ ਇਨ੍ਹਾਂ ਨੂੰ ਰੋਕੀਏ ਕਿਵੇਂ? ਬਾਇਓਸਿਕਿਉਰਟੀ ਦਾ ਅਸਲ ਅਸੂਲ ਇਹੀ ਹੈ ਕਿ ਬਿਮਾਰੀ ਆਉਣ ਤੋਂ ਪਹਿਲਾਂ ਹੀ ਉਸਦਾ ਰਾਹ ਬੰਦ ਕਰ ਦਿੱਤਾ ਜਾਵੇ। ਛੋਟੇ ਡੈਅਰੀ ਫਾਰਮਾਂ ਲਈ ਇਹ ਹੋਰ ਵੀ ਜ਼ਰੂਰੀ ਹੈ, ਕਿਉਂਕਿ ਇੱਥੇ ਹਰ ਪਸ਼ੂ ਦੀ ਸਿਹਤ ਸਿੱਧੀ ਤਰ੍ਹਾਂ ਪਰਿਵਾਰ ਦੀ ਆਮਦਨ ਨਾਲ ਜੁੜੀ ਹੋਈ ਹੁੰਦੀ ਹੈ।

ਚੰਗੀ ਗੱਲ ਇਹ ਹੈ ਕਿ ਬਾਇਓਸਿਕਿਉਰਟੀ ਲਈ ਮਹਿੰਗੇ ਸਿਸਟਮ ਜਾਂ ਵੱਡੇ ਖਰਚੇ ਦੀ ਲੋੜ ਨਹੀਂ। ਕੁਝ ਸਧਾਰਣ ਪਰ ਨਿਯਮਤ ਅਪਣਾਈਆਂ ਗਈਆਂ ਆਦਤਾਂ ਹੀ ਬਹੁਤ ਵੱਡਾ ਫਰਕ ਪਾ ਸਕਦੀਆਂ ਹਨ।

ਨਵੇਂ ਪਸ਼ੂਆਂ ਲਈ ਸਾਵਧਾਨੀ ਸਭ ਤੋਂ ਪਹਿਲਾਂ

ਜਦੋਂ ਵੀ ਕੋਈ ਨਵਾਂ ਪਸ਼ੂ ਫਾਰਮ ਤੇ ਲਿਆਇਆ ਜਾਂਦਾ ਹੈ, ਉਹ ਸਾਰੇ ਝੁੰਡ ਲਈ ਸਭ ਤੋਂ ਵੱਡਾ ਜੋਖਮ ਬਣ ਸਕਦਾ ਹੈ। ਬਹੁਤ ਸਾਰੀਆਂ ਬਿਮਾਰੀਆਂ ਅਜਿਹੀਆਂ ਹੁੰਦੀਆਂ ਹਨ ਜੋ ਸ਼ੁਰੂ ਵਿੱਚ ਦਿਖਾਈ ਨਹੀਂ ਦਿੰਦੀਆਂ।

ਕੀ ਕਰਨਾ ਚਾਹੀਦਾ ਹੈ:

  • ਹਰ ਨਵੇਂ ਪਸ਼ੂ ਨੂੰ ਘੱਟੋ-ਘੱਟ 10 ਤੋਂ 15 ਦਿਨ ਅਲੱਗ ਰੱਖੋ
  • ਇਸ ਦੌਰਾਨ ਬੁਖਾਰ, ਦਸਤ, ਥਣ ਸੂਜਣ ਜਾਂ ਦੁੱਧ ਘਟਣ ਤੇ ਨਿਗਰਾਨੀ ਕਰੋ
  • ਜੇ ਸੰਭਵ ਹੋਵੇ ਤਾਂ ਵੈਟਰਨਰੀ ਡਾਕਟਰ ਤੋਂ ਸਧਾਰਣ ਜਾਂਚ ਕਰਵਾਓ

ਇਹ ਛੋਟਾ ਜਿਹਾ ਕਦਮ ਪੂਰੇ ਫਾਰਮ ਨੂੰ ਵੱਡੇ ਨੁਕਸਾਨ ਤੋਂ ਬਚਾ ਸਕਦਾ ਹੈ।

ਬਿਮਾਰ ਪਸ਼ੂ ਦੀ ਤੁਰੰਤ ਅਲੱਗ ਰੱਖਿਆ

ਛੋਟੇ ਫਾਰਮਾਂ ਵਿੱਚ ਇੱਕ ਆਮ ਗਲਤੀ ਇਹ ਹੁੰਦੀ ਹੈ ਕਿ ਬਿਮਾਰ ਪਸ਼ੂ ਨੂੰ “ਥੋੜ੍ਹਾ ਠੀਕ ਹੋ ਜਾਵੇਗਾ” ਸਮਝ ਕੇ ਹੋਰ ਪਸ਼ੂਆਂ ਨਾਲ ਹੀ ਰੱਖਿਆ ਜਾਂਦਾ ਹੈ, ਜੋ ਬਿਮਾਰੀ ਨੂੰ ਫੈਲਾਉਣ ਦਾ ਸਭ ਤੋਂ ਆਸਾਨ ਅਤੇ ਖ਼ਤਰਨਾਕ ਤਰੀਕਾ ਬਣ ਜਾਂਦਾ ਹੈ। ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਇੱਕ ਹੀ ਬਿਮਾਰ ਪਸ਼ੂ ਪੂਰੇ ਝੁੰਡ ਨੂੰ ਬਿਮਾਰ ਕਰ ਸਕਦਾ ਹੈ, ਇਸ ਲਈ ਉਸਨੂੰ ਤੁਰੰਤ ਅਲੱਗ ਰੱਖਣਾ ਸਭ ਤੋਂ ਸਸਤਾ ਅਤੇ ਪ੍ਰਭਾਵਸ਼ਾਲੀ ਇਲਾਜ ਹੈ, ਨਾਲ ਹੀ ਬਿਮਾਰ ਪਸ਼ੂ ਨੂੰ ਸੰਭਾਲਣ ਤੋਂ ਬਾਅਦ ਹੱਥਾਂ ਅਤੇ ਵਰਤੇ ਗਏ ਸੰਦਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਬਿਮਾਰੀ ਦੇ ਫੈਲਾਅ ਨੂੰ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਦੁੱਧ ਕੱਢਣ ਦੀ ਸਹੀ ਪ੍ਰਕਿਰਿਆ

ਛੋਟੇ ਡੈਅਰੀ ਫਾਰਮਾਂ ਵਿੱਚ ਥਣੈਲਾ ਵੱਧਣ ਦਾ ਇੱਕ ਵੱਡਾ ਕਾਰਨ ਗਲਤ ਦੁੱਧ ਕੱਢਣ ਦੀ ਆਦਤ ਹੈ। ਇਹ ਬਿਮਾਰੀ ਸਿੱਧੀ ਤਰ੍ਹਾਂ ਬਾਇਓਸਿਕਿਉਰਟੀ ਨਾਲ ਜੁੜੀ ਹੋਈ ਹੈ।

ਸੌਖੀਆਂ ਪਰ ਲਾਜ਼ਮੀ ਆਦਤਾਂ:

  • ਦੁੱਧ ਕੱਢਣ ਤੋਂ ਪਹਿਲਾਂ ਥਣ ਸਾਫ਼ ਪਾਣੀ ਨਾਲ ਧੋਵੋ
  • ਹਰ ਪਸ਼ੂ ਲਈ ਵੱਖਰਾ ਕਪੜਾ ਵਰਤੋ
  • ਦੁੱਧ ਕੱਢਣ ਤੋਂ ਬਾਅਦ ਥਣ ਸੁੱਕੇ ਰੱਖੋ
  • ਦੁੱਧ ਵਾਲੀਆਂ ਬਾਲਟੀਆਂ ਹਰ ਵਾਰ ਧੋਵੋ

ਇਨ੍ਹਾਂ ਆਦਤਾਂ ਨਾਲ ਥਣੈਲਾ ਦੇ ਮਾਮਲੇ ਕਾਫ਼ੀ ਹੱਦ ਤੱਕ ਘਟ ਸਕਦੇ ਹਨ।

ਫਾਰਮ ਦੀ ਸਫਾਈ, ਸੁੱਕਾਪਣ ਅਤੇ ਨਿਕਾਸੀ

ਜਿੱਥੇ ਗੰਦਗੀ ਅਤੇ ਖੜ੍ਹਾ ਪਾਣੀ ਹੁੰਦਾ ਹੈ, ਉੱਥੇ ਬਿਮਾਰੀਆਂ ਆਪੇ ਹੀ ਪੈਦਾ ਹੋਣ ਲੱਗ ਪੈਂਦੀਆਂ ਹਨ ਅਤੇ ਛੋਟੇ ਡੈਅਰੀ ਫਾਰਮਾਂ ਵਿੱਚ ਅਕਸਰ ਪਾਣੀ ਦੀ ਨਿਕਾਸੀ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾਂਦਾ। ਇਸ ਲਈ ਇਹ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਪਸ਼ੂ ਘਰ ਵਿੱਚ ਕਿਤੇ ਵੀ ਪਾਣੀ ਖੜਾ ਨਾ ਰਹਿਣ ਦਿੱਤਾ ਜਾਵੇ, ਪਸ਼ੂ ਮਲ ਅਤੇ ਹੋਰ ਗੰਦਗੀ ਨੂੰ ਰੋਜ਼ਾਨਾ ਬਾਹਰ ਕੱਢਿਆ ਜਾਵੇ, ਚਾਰਾ ਹਮੇਸ਼ਾਂ ਸੂਕੇ ਅਤੇ ਸਾਫ਼ ਸਥਾਨ ਤੇ ਰੱਖਿਆ ਜਾਵੇ ਅਤੇ ਪਸ਼ੂ ਘਰ ਵਿੱਚ ਹਵਾਦਾਰ ਪ੍ਰਬੰਧ ਉਚਿਤ ਹੋਵੇ, ਕਿਉਂਕਿ ਇਹ ਸਾਰੇ ਕਦਮ ਮਿਲ ਕੇ ਬਾਇਓਸਿਕਿਉਰਟੀ ਦੀ ਮਜ਼ਬੂਤ ਬੁਨਿਆਦ ਤਿਆਰ ਕਰਦੇ ਹਨ।

ਚੂਹੇ, ਆਵਾਰਾ ਪਸ਼ੂ ਅਤੇ ਕੀੜੇਮਕੌੜੇ

ਬਹੁਤੇ ਪਸ਼ੂ ਪਾਲਕ ਚੂਹਿਆਂ ਅਤੇ ਆਵਾਰਾ ਕੁੱਤਿਆਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ, ਪਰ ਅਸਲ ਵਿੱਚ ਇਹ ਬਿਮਾਰੀਆਂ ਦੇ ਸਭ ਤੋਂ ਖ਼ਤਰਨਾਕ ਵਾਹਕ ਹੁੰਦੇ ਹਨ ਅਤੇ ਬਿਨਾਂ ਦਿੱਖੇ ਹੀ ਰੋਗ ਫੈਲਾ ਸਕਦੇ ਹਨ। ਇਸ ਲਈ ਚੂਹਿਆਂ ਤੋਂ ਬਚਾਅ ਲਈ ਫਾਰਮ ਦੀ ਸਫਾਈ ਬਣਾਈ ਰੱਖਣਾ ਅਤੇ ਜਾਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਆਵਾਰਾ ਕੁੱਤਿਆਂ ਅਤੇ ਹੋਰ ਪਸ਼ੂਆਂ ਨੂੰ ਫਾਰਮ ਵਿੱਚ ਦਾਖਲ ਹੋਣ ਤੋਂ ਰੋਕਣਾ ਜ਼ਰੂਰੀ ਹੈ ਅਤੇ ਚਾਰੇ ਨੂੰ ਹਮੇਸ਼ਾਂ ਢੱਕ ਕੇ ਰੱਖਣਾ ਚਾਹੀਦਾ ਹੈ, ਤਾਂ ਜੋ ਬਾਇਓਸਿਕਿਉਰਟੀ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਬਿਮਾਰੀਆਂ ਦੇ ਫੈਲਾਅ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਜਾ ਸਕੇ।

ਬਾਇਓਸਿਕਿਉਰਟੀ ਅਤੇ ਮਨੁੱਖੀ ਸਿਹਤ ਦਾ ਸੰਬੰਧ

ਕਈ ਪਸ਼ੂ ਬਿਮਾਰੀਆਂ ਮਨੁੱਖਾਂ ਵਿੱਚ ਵੀ ਫੈਲ ਸਕਦੀਆਂ ਹਨ ਅਤੇ ਗੰਦਾ ਦੁੱਧ, ਅਧੂਰੀ ਉਬਾਲ ਜਾਂ ਗਲਤ ਤਰੀਕੇ ਨਾਲ ਵਰਤੀਆਂ ਦਵਾਈਆਂ ਮਨੁੱਖੀ ਸਿਹਤ ਲਈ ਗੰਭੀਰ ਖਤਰਾ ਬਣ ਸਕਦੀਆਂ ਹਨ। ਖਾਸ ਕਰਕੇ ਬੱਚਿਆਂ, ਬੁਜ਼ੁਰਗਾਂ ਅਤੇ ਗਰਭਵਤੀ ਮਹਿਲਾਵਾਂ ਲਈ ਸਾਫ਼ ਅਤੇ ਢੰਗ ਨਾਲ ਉਬਾਲਿਆ ਹੋਇਆ ਦੁੱਧ, ਨਾਲ ਹੀ ਸੁਰੱਖਿਅਤ ਅਤੇ ਸਫਾਈਯੁਕਤ ਡੈਅਰੀ ਫਾਰਮ ਬਹੁਤ ਜ਼ਰੂਰੀ ਹਨ, ਤਾਂ ਜੋ ਰੋਗਾਂ ਦੇ ਸੰਕਰਮਣ ਤੋਂ ਬਚਾਅ ਕੀਤਾ ਜਾ ਸਕੇ।

ਪਸ਼ੂ ਪਾਲਕ ਲਈ ਆਰਥਿਕ ਫਾਇਦਾ

ਬਾਇਓਸਿਕਿਉਰਟੀ ਸਿਰਫ਼ ਸਿਹਤ ਨਹੀਂ, ਸਗੋਂ ਆਰਥਿਕ ਲਾਭ ਵੀ ਦਿੰਦੀ ਹੈ। ਜਦੋਂ ਪਸ਼ੂ ਘੱਟ ਬਿਮਾਰ ਹੁੰਦੇ ਹਨ:

  • ਦਵਾਈਆਂ ਦਾ ਖਰਚ ਘਟਦਾ ਹੈ
  • ਦੁੱਧ ਦੀ ਉਤਪਾਦਨ ਵਧਦੀ ਹੈ
  • ਪਸ਼ੂ ਲੰਬੇ ਸਮੇਂ ਤੱਕ ਉਤਪਾਦਕ ਰਹਿੰਦੇ ਹਨ

ਇਸਦਾ ਸਿੱਧਾ ਅਸਰ ਪਸ਼ੂ ਪਾਲਕ ਦੀ ਆਮਦਨ ਤੇ ਪੈਂਦਾ ਹੈ।

ਅੰਤਿਮ ਸੁਨੇਹਾ

ਛੋਟੇ ਡੈਅਰੀ ਫਾਰਮਾਂ ਵਿੱਚ ਵੱਧ ਰਹੀਆਂ ਬਿਮਾਰੀਆਂ ਦਾ ਸਭ ਤੋਂ ਵੱਡਾ ਕਾਰਨ ਨਵੀਆਂ ਦਵਾਈਆਂ ਦੀ ਘਾਟ ਨਹੀਂ, ਸਗੋਂ ਬੁਨਿਆਦੀ ਬਾਇਓਸਿਕਿਉਰਟੀ ਦੀ ਕਮੀ ਹੈ। ਨਵੇਂ ਪਸ਼ੂਆਂ ਨੂੰ ਅਲੱਗ ਰੱਖਣਾ, ਬਿਮਾਰ ਪਸ਼ੂ ਦੀ ਤੁਰੰਤ ਪਛਾਣ, ਦੁੱਧ ਕੱਢਣ ਸਮੇਂ ਸਫਾਈ, ਸਾਫ਼ ਪਾਣੀ ਅਤੇ ਚੰਗੀ ਨਿਕਾਸੀ, ਚੂਹਿਆਂ ਤੇ ਆਵਾਰਾ ਪਸ਼ੂਆਂ ਤੋਂ ਬਚਾਅ ਇਹ ਸਧਾਰਣ ਆਦਤਾਂ ਪਸ਼ੂਆਂ ਨੂੰ ਰੋਗਾਂ ਤੋਂ ਬਚਾਉਣ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਹਨ। ਜਦੋਂ ਪਸ਼ੂ ਸਿਹਤਮੰਦ ਰਹਿੰਦੇ ਹਨ, ਤਾਂ ਦਵਾਈਆਂ ਦਾ ਖਰਚ ਘਟਦਾ ਹੈ, ਦੁੱਧ ਦੀ ਗੁਣਵੱਤਾ ਅਤੇ ਮਾਤਰਾ ਵਧਦੀ ਹੈ ਅਤੇ ਪਸ਼ੂ ਪਾਲਕ ਦੀ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ। ਇਸ ਲਈ ਬਾਇਓਸਿਕਿਉਰਟੀ ਕੋਈ ਵੱਡੀ ਜਾਂ ਮਹਿੰਗੀ ਚੀਜ਼ ਨਹੀਂ, ਸਗੋਂ ਹਰ ਰੋਜ਼ ਅਪਣਾਈਆਂ ਜਾਣ ਵਾਲੀਆਂ ਸਹੀ ਆਦਤਾਂ ਹਨ ਜੋ ਅੱਜ ਅਪਣਾਈਆਂ ਜਾਣ, ਤਾਂ ਭਵਿੱਖ ਸੁਰੱਖਿਅਤ ਬਣ ਸਕਦਾ ਹੈ।

Follow us on facebook   

Whatsapp Us 

Contact us

Leave a Comment

Scroll to Top